ਗਰਮੀ ਦੀਆਂ ਛੁੱਟੀਆਂ ਉਪਰਾਂਤ ਸਕੂਲ ਖੁੱਲ੍ਹਣ ਦੇ ਸਮੁੱਚੇ ਪ੍ਰਬੰਧ ਲਈ ਕੀਤੀ ਗਈ ਮੀਟਿੰਗ -ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੋਹਾਲੀ

ਗਰਮੀ ਦੀਆਂ ਛੁੱਟੀਆਂ ਉਪਰਾਂਤ ਸਕੂਲ ਖੁੱਲ੍ਹਣ ਦੇ ਸਮੁੱਚੇ ਪ੍ਰਬੰਧ ਲਈ ਕੀਤੀ ਗਈ ਮੀਟਿੰਗ -ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੋਹਾਲੀ:ਮਿਤੀ 27 ਜੂਨ 2024 ()ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਇੱਥੇ ਮੁੱਖ ਦਫ਼ਤਰ ਮੋਹਾਲੀ ਵਿਖੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਮਿੰਦਰ ਕੌਰ ਵੱਲੋਂ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ ਗਈ। ਉਹਨਾਂ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਵੱਲੋਂ ਜ਼ਿਲ੍ਹਾ ਮੋਹਾਲੀ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨਾਲ ਆਨਲਾਈਨ ਮੀਟਿੰਗ ਕੀਤੀ ਗਈ। ਜਿਸ ਦਾ ਮੁੱਖ ਉਦੇਸ਼ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਖੁੱਲ੍ਹ ਰਹੇ ਸਕੂਲਾਂ ਵਿੱਚ ਬੱਚਿਆਂ ਲਈ ਹਰ ਤਰ੍ਹਾਂ ਦੇ ਪ੍ਰਬੰਧ ਕਰਨਾ ਹੈ। ਮੀਟਿੰਗ ਵਿੱਚ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਹਰ ਸਕੂਲ ਮੁਖੀ ਇਹ ਯਕੀਨੀ ਬਣਾਉਣ ਕਿ ਸਕੂਲ ਵਿੱਚ ਬੱਚਿਆਂ ਦੇ ਬੈਠਣ ਵਾਲ਼ੀ ਹਰ ਥਾਂ ਬਿਲਕੁਲ ਸਾਫ਼ ਹੋਵੇ,ਸਾਰੇ ਕਲਾਸਰੂਮ ਕਮਰੇ ਅਤੇ ਹੋਰਨਾਂ ਕਮਰਿਆਂ ਦੀ ਸਾਫ਼-ਸਫ਼ਾਈ ਦਾ ਪ੍ਰਬੰਧ ਸਕੂਲ ਲੱਗਣ ਤੋਂ ਇੱਕ ਦਿਨ ਪਹਿਲਾਂ ਕਰ ਲਿਆ ਜਾਵੇ। ਬੱਚਿਆਂ ਦੇ ਪੀਣ ਯੋਗ ਪਾਣੀ ਵਾਲ਼ੀਆਂ ਟੈਂਕੀਆਂ ਨੂੰ ਸਾਫ਼ ਅਤੇ ਸੁਰੱਖਿਅਤ ਕਰ ਲਿਆ ਜਾਵੇ,ਪਖ਼ਾਨਿਆਂ ਅਤੇ ਖੇਡ ਮੈਦਾਨਾਂ ਦੀ ਸਾਫ਼-ਸਫ਼ਾਈ ਕਰਵਾ ਲਈ ਜਾਵੇ। ਬਾਰਿਸ਼ ਦੇ ਮੌਸਮ ਕਾਰਨ ਛੱਤਾਂ ਦੀ ਸਾਫ਼ ਸਫ਼ਾਈ ਵੀ ਕਰਵਾਈ ਜਾਵੇ। ਮਿਡ ਡੇ ਮੀਲ ਤਹਿਤ ਮਿਲ਼ਣ ਵਾਲ਼ੇ ਦੁਪਹਿਰ ਦੇ ਖਾਣੇ ਲਈ ਖ਼ਾਸ ਉਪਰਾਲੇ ਕੀਤੇ ਜਾਣ,ਰਸੋਈ ਘਰ ਨੂੰ ਸਾਫ਼ ਅਤੇ ਹਾਈਜੈਨਿਕ ਤਰੀਕੇ ਨਾਲ਼ ਸਵੱਛ ਬਣਾਇਆ ਜਾਵੇ ਅਤੇ ਇਸ ਵਿੱਚ ਵਰਤੋਂਯੋਗ ਬਰਤਨਾਂ ਨੂੰ ਵੀ ਸਾਫ਼ ਕੀਤਾ ਜਾਵੇ। ਅਨਾਜ ਦੀ ਪਿਸਾਈ ਲਈ ਇਸਨੂੰ ਵੀ ਧੁੱਪ ਲਗਵਾ ਕੇ ਅਤੇ ਸਾਫ਼ ਕਰਕੇ ਹੀ ਕਣਕ ਪਿਸਾਈ ਜਾਵੇ ਅਤੇ ਹੋਰ ਅਨਾਜ ਜਿਵੇਂ ਕਣਕ ਅਤੇ ਚਾਵਲ ਚੰਗੀ ਤਰ੍ਹਾਂ ਧੁੱਪ ਲਗਵਾ ਕੇ ਅਤੇ ਸਾਫ਼ ਕਰਵਾ ਕੇ ਹੀ ਵਰਤੇ ਜਾਣ। ਸਮਰੱਥ ਮਿਸ਼ਨ ਤਹਿਤ ਵਿਭਾਗ ਵੱਲੋਂ ਭੇਜੀਆਂ ਪੁਸਤਕਾਂ ਅਤੇ ਹੋਰ ਸਹਾਇਕ ਸਮੱਗਰੀ ਨੂੰ ਜਲਦ ਹੀ ਪ੍ਰਾਪਤ ਕਰ ਲਿਆ ਜਾਵੇ ਤਾਂ ਕਿ ਸਕੂਲ ਖੁੱਲ੍ਹਦਿਆਂ ਹੀ ਬੱਚੇ ਪਹਿਲੇ ਦਿਨ ਹੀ ਸਾਰੀ ਸਮੱਗਰੀ ਨਾਲ ਵਿੱਦਿਆ ਹਾਸਲ ਕਰਨ ਦੀ ਸ਼ੁਰੂਆਤ ਕਰ ਸਕਣ। ਉਹਨਾਂ ਵੱਲੋਂ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਸਕੂਲ ਖੁੱਲ੍ਹਦਿਆਂ ਹੀ ਪਹਿਲੇ ਦਿਨ ਬੱਚਿਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਪੂਰੀ ਤਰ੍ਹਾਂ ਨਾਲ਼ ਪ੍ਰਾਪਤ ਹੋ ਸਕੇ।ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਕਮਲਜੀਤ ਸਿੰਘ,ਸਤਿੰਦਰ ਸਿੰਘ, ਗੁਰਮੀਤ ਕੌਰ,ਜਸਵੀਰ ਕੌਰ ਅਤੇ ਜਤਿਨ ਮਿਗਲਾਨੀ ਸਮੇਤ ਹੋਰਨਾਂ ਅਧਿਕਾਰੀਆਂ ਨੇ ਭਾਗ ਲਿਆ।

Scroll to Top