
ਕੌਮੀ ਕਲਾ ਉਤਸਵ ਦੇ ਨਾਟਕ ਅਤੇ ਸਟੋਰੀ ਟੈਲਿੰਗ ਮੁਕਾਬਲਿਆਂ ਵਿੱਚ ਪੰਜਾਬ ਦੇ ਸਕੂਲਾਂ ਦੀਆਂ ਕੁੜੀਆਂ ਨੇ ਰੰਗ ਬੰਨ੍ਹਿਆ ਨਾਟਕ ਵਿੱਚ ਕੁੜੀਆਂ ਨੇ ਪਹਿਲਾ ਸਥਾਨ ਅਤੇ ਕਹਾਣੀ ਵਾਚਣ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਪੰਜਾਬ ਦਾ ਨਾਮ ਚਮਕਾਇਆਮੋਹਾਲੀ 15 ਜਨਵਰੀ ( )ਕੌਮੀ ਪੱਧਰ ਤੇ ਹੋਏ ਕਲਾ ਉਤਸਵ ਦੇ ਨਾਟਕ ਅਤੇ ਕਹਾਣੀ ਵਾਚਣ ਮੁਕਾਬਲਿਆਂ ਵਿੱਚ ਪੰਜਾਬ ਦੀਆਂ ਕੁੜੀਆਂ ਨੇ ਚੰਗਾ ਪ੍ਰਦਰਸ਼ਨ ਕਰਕੇ ਪੰਜਾਬ ਦਾ ਨਾਮ ਚਮਕਾਇਆ ਹੈ। ਭੋਪਾਲ (ਮੱਧ ਪ੍ਰਦੇਸ਼) ਵਿਖੇ ਹੋਏ ਰਾਸ਼ਟਰੀ ਪੱਧਰ ਮੁਕਾਬਲਿਆਂ ਵਿੱਚ ਪੰਜਾਬ ਦੀ ਕੁੜੀਆਂ ਦੀ ਨਾਟਕ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਕਹਾਣੀ ਵਾਚਨ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਗੁਰਮੀਤ ਕੌਰ ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ ਪਲਾਨਿੰਗ ਨੇ ਦੱਸਿਆ ਕਿ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਕਮਲ ਕਿਸ਼ੋਰ ਯਾਦਵ ਸਕੱਤਰ ਸਕੂਲ ਸਿੱਖਿਆ ਦੀ ਅਗਵਾਈ ਅਤੇ ਵਿਨੇ ਬੁਬਲਾਨੀ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਦੀ ਦੇਖ-ਰੇਖ ਹੇਠ ਪਿਛਲੇ ਦਿਨੀਂ ਪੰਜਾਬ ਵਿਚ ਜੋਨਲ ਮੁਕਾਬਲੇ ਕਰਵਾਏ ਗਏ, ਜੋਨਾਂ ਦੀਆਂ ਜੇਤੂ ਟੀਮਾਂ ਨੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਸ਼ਮੂਲੀਅਤ ਕੀਤੀ ਜੋ ਕਿ ਮੋਹਾਲੀ ਵਿੱਚ ਕਰਵਾਏ ਗਏ ਸਨ। ਜਿਸ ਵਿੱਚ ਵੱਖ-ਵੱਖ ਵੱਖ ਮੁਕਾਬਲਿਆਂ ਦੀਆਂ ਜੇਤੂ ਟੀਮਾਂ ਨੇ ਭੋਪਾਲ ਵਿਖੇ ਹੋਏ ਮੁਕਾਬਲਿਆਂ ਵਿੱਚ ਹਿੱਸਾ ਲਿਆ ਸੀ। ਬਲਪ੍ਰੀਤ ਕੌਰ ਕਲਾ ਉਤਸਵ ਨੋਡਲ ਅਫ਼ਸਰ ਪੰਜਾਬ ਨੇ ਜਾਣਕਾਰੀ ਦਿੱਤੀ ਕਿ ਨਾਟਕ (ਥਿਏਟਰ) ਮੁਕਾਬਲੇ ਵਿੱਚ ਪੰਜਾਬ ਦੀ ਟੀਮ ਵੱਲੋਂ ਪ੍ਰਭਸਿਮਰਨਜੀਤ ਕੌਰ (10ਵੀਂ), ਵੀਰਪਾਲ ਕੌਰ (10ਵੀਂ), ਜਸ਼ਨਪ੍ਰੀਤ ਕੌਰ (+1), ਗੁਰਪ੍ਰੀਤ ਕੌਰ (+1) ਅਤੇ ਦੀਕਸ਼ਾ ਰਾਣੀ (+1) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਬਵਾਲਾ ਕਲਾਂ ਜ਼ਿਲ੍ਹਾ ਫਾਜ਼ਿਲਕਾ ਨੇ ਭਾਗ ਲਿਆ ਅਤੇ ਕੌਮੀ ਪੱਧਰ ਤੇ ਸ਼ਾਨਦਾਰ ਪੇਸ਼ਕਾਰੀ ਕਰਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਕਹਾਣੀ ਵਾਚਣ (ਸਟੋਰੀ ਟੈਲਿੰਗ) ਮੁਕਾਬਲੇ ਵਿੱਚ ਪੰਜਾਬ ਦੀ ਟੀਮ ਵਿੱਚ ਸਕੂਲ ਆਫ ਐਮੀਨੈਂਸ ਫੀਲਖਾਨਾ ਪਟਿਆਲਾ ਦੀਆਂ ਵਿਦਿਆਰਥਣਾਂ ਜਸਨੂਰ ਕੌਰ (+1) ਅਤੇ ਪੂਨਮ (+1) ਨੇ ਭਾਗ ਲਿਆ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਵਿਦਿਆਰਥਣਾਂ ਨਾਲ ਵਰਿੰਦਰ ਕੌਰ ਅਤੇ ਕੁਲਜੀਤ ਸਿੰਘ ਵੀ ਭੋਪਾਲ ਵਿਖੇ ਗਏ।